ਸਭ ਕੁਝ ਗਲਤ ਮਲਤ ਕਿਉਂ ਹੈ? ਸਭ ਕੁਝ ਉਸੇ ਤਰ੍ਹਾਂ ਹੈ ਜਿਵੇਂ ਸੀ
ਉਹੀ ਰੋਸ਼ਨੀ ਗਿਰਜੇ ਵਿਚ ਆ ਰਹੀ
ਉਹੀ ਬਿਰਖ, ਪੰਛੀਆਂ ਦੇ ਬੋਲ, ਜੀਅ-ਜੰਤੂਆਂ ਦੀ ਘੂੰ ਘੂੰ
ਪਰ ਉਹ ਨਹੀਂ ਮੁੜਿਆ ਯੁੱਧ ਤੋਂ।
ਮੈਂ ਅਜੇ ਵੀ ਕਹਿ ਨਹੀਂ ਸਕਦਾ ਕੌਣ ਗਲਤ ਸੀ ਕੌਣ ਠੀਕ
ਅਸੀਂ ਜਦੋਂ ਜਿਦਦੇ ਸਾਂ, ਝਗੜਦੇ ਸਾਂ, ਉਹ ਲੁਤਰ ਲੁਤਰ ਕਰਨ ਲੱਗ ਪੈਂਦਾ ਸੀ
ਪਰ ਹੁਣ ਜਦੋਂ ਮੈਂ ਉਹਦੇ ਬਾਰੇ ਸੋਚਦਾ ਹਾਂ – ਖੁਸ਼ ਹੋ ਜਾਂਦਾ ਹਾਂ
ਹੁਣ ਜਦੋਂ ਕਿ ਉਹ ਯੁੱਧ ਤੋਂ ਨਹੀਂ ਮੁੜਿਆ।
ਕਦੇ ਕਦੇ ਉਹ ਕੁਚੱਜਾ ਜਿਹਾ ਬਣ ਜਾਂਦਾ ਸੀ, ਕੋਈ ਕਦਰ ਨਹੀਂ ਕਰਦਾ ਸੀ ਉਹਦੀ
ਕਦੇ ਉਹ ਉਚੀ ਉਚੀ ਹਸਦਾ ਗਿਦੜਾਂ ਵਾਂਗ
ਹਮੇਸ਼ਾ ਗਈ ਰਾਤ ਤੱਕ ਜਾਗਦਾ, ਮੈਂ ਸੌਂ ਰਿਹਾ ਹੁੰਦਾ ਉਹ ਤਾਸ਼ ਖੇਡਦਾ ਹੁੰਦਾ
ਉਹ ਯੁੱਧ ਤੋਂ ਨਹੀਂ ਮੁੜਿਆ।
ਪਰ ਉਹ ਗੱਲ ਨਹੀਂ ਇਹ, ਜਿਸਦੀ ਯਾਦ ਮੈਨੂੰ ਸਤਾਉਂਦੀ ਹੈ- ਬਿਲਕੁਲ ਨਹੀਂ:
ਜਿਵੇਂ ਫੁੱਟਬਾਲ ਖੇਡਣਾ ਜਦੋਂ ਖੇਡਣ ਵਾਲਾ ਕੋਈ ਨਾ ਹੋਵੇ
ਅਚਾਨਕ ਓਥੇ ਕੇਵਲ ਬਾਲ ਈ ਹੋਵੇ,
ਹੁਣ ਜਦੋਂ ਕਿ ਉਹ ਯੁੱਧ ਤੋਂ ਨਹੀਂ ਮੁੜਿਆ।
ਹੁਣ ਟੁੱਟ ਚੁੱਕਿਆ ਹੈ ਉਹ, ਜਿਵੇਂ ਬੰਧਨ ਵਿਚ ਰਹਿ ਕੇ –
ਮੈਂ ਉਸਨੂੰ ਬੁਲਾਉਂਦਾ ਹਾਂ, ਮੇਰੀ ਅਵਾਜ ਕੁਝ ਵੀ ਨਹੀਂ ਸਿਵਾਏ ਤਿੜ ਤਿੜ ਦੇ:
ਮੇਰੇ ਲਈ ਸਿਗਰਟ ਰੋਲ ਕਰ ਸਕਦਾ ਹੈਂ? ਮੇਰੇ ਖਾਲੀ ਸ਼ਬਦ ਖੜਕਦੇ ਹਨ
ਕਿਉਂਕਿ ਉਹ ਯੁੱਧ ਤੋਂ ਨਹੀਂ ਮੁੜਿਆ।
ਇਕ ਪੁੱਠੀ ਹੋਈ ਦੁਨੀਆ, ਜਿਸਨੂੰ ਜਿਉਂਦਿਆਂ ਨੇ ਤਿਆਗ ਦਿਤਾ ਹੈ
ਤੇ ਮੋਏ ਹੁਣ ਸਾਡੇ ਲਈ ਸੰਤਰੀ ਬਣੇ ਖੜ੍ਹੇ ਹਨ
ਝੀਲ ਦਾ ਨੀਲਾ ਰੰਗ ਜੰਗਲ ਵਿਚ ਸਮਾ ਰਿਹਾ ਹੈ
ਸੀਮਾਵਾਂ ਹੋਰ ਘੁਲਮਿਲ ਰਹੀਆਂ ਹਨ।
ਮੋਰਚੇ ਦੀ ਚੁੱਪ ਵਿਚ ਇਕ ਘੰਟੀ ਦਾ ਖੜਾਕ
ਜਦੋਂ ਕਿ ਸਾਡੇ ਚੁਫੇਰੇ ਗੋਲੇ ਗੜ੍ਹਕ ਰਹੇ ਸਨ
ਉਸਨੇ ਆਪਣੇ ਪ੍ਰਾਣ ਤਿਆਗ ਦਿਤੇ – ਉਹ ਕਿਥੇ ਗਿਆ ਕਿਸਨੂੰ ਪਤਾ?
ਪਰ ਮੈਂ ਅਜੇ ਵੀ ਇਥੇ ਹਾਂ ਉਸਦੀ ਲੜਾਈ ਲੜ ਰਿਹਾ।
|