ਮੈਦਾਨ ਤੇ ਇਕ ਚਟਾਨ ਪਈ ਹੈ
ਉਸਦੇ ਥੱਲਿਓਂ ਪਾਣੀ ਵਗ ਰਿਹਾ ਹੈ
ਅਤੇ ਚਟਾਨ ਤੇ ਲਿਖੇ ਹੋਏ ਨੇ ਇਹ ਸ਼ਬਦ:
“ਜੋ ਸੱਜੇ ਨੂੰ ਜਾਵੇਗਾ
ਉਸਨੂੰ ਕੁਝ ਨਹੀਂ ਲੱਭੇਗਾ
ਜੋ ਸਿਧਾ ਜਾਵੇਗਾ
ਉਹ ਉਕਾ ਕਿਤੇ ਨਹੀਂ ਪਹੁੰਚੇਗਾ
ਜੋ ਖੱਬੇ ਵੱਲ ਜਾਵੇਗਾ
ਉਸਨੂੰ ਕੁਝ ਵੀ ਸਮਝ ਨਹੀਂ ਆਵੇਗਾ
ਉਹ ਗਵਾਚ ਜਾਵੇਗਾ, ਯਤਨ ਕਰਦਾ ਕਰਦਾ ਮਰ ਮਿਟ ਜਾਵੇਗਾ।“
ਇਕ ਵੀ ਘੋੜਾ ਨਹੀਂ, ਨਾ ਕਿਰਪਾਨ
ਤਿੰਨੇ ਜੋ ਓਥੇ ਖੜ੍ਹੇ ਇਕ ਟਕ ਦੇਖ ਰਹੇ
ਸੋਚ ਰਹੇ ਹਨ: ਕੀ ਜਾਣਾ ਸਾਰਥਕ ਹੈ?
ਇਕ ਨੂੰ ਜੋ ਅੱਗੇ ਦਿਸਦਾ ਸੀ ਪਾਗਲ ਕਰ ਰਿਹਾ ਸੀ
ਸੋ ਉਹ ਸੱਜੇ ਨੂੰ ਚਲਾ ਗਿਆ,
ਇਕੱਲਾ ਹੀ ਸੱਜੇ ਨੂੰ ਤੁਰ ਗਿਆ
ਕੁਝ ਵੀ ਨਾ ਲੱਭਿਆ ਉਸਨੂੰ
ਨਾ ਪਿੰਡ ਨਾ ਕੋਈ ਦੀਵਾਰ;
ਉਹ ਵਾਪਸ ਚਲਾ ਗਿਆ ਘਰ, ਤੇ ਜਾ ਕੇ ਪੀਣ ਲੱਗ ਪਿਆ
ਉਧਰ ਨੂੰ ਸਿਧਾ ਰਾਹ ਕੋਈ ਨਹੀਂ ਜਾਂਦਾ
ਤੇ ਤੁਸੀਂ ਕਿਤੇ ਨਹੀਂ ਪਹੁੰਚੋਂਗੇ -
ਪਰ ਇਕ ਜਣੇ ਨੇ ਇਸ ਗੱਲ ਤੇ ਕੋਈ ਭਰੋਸਾ ਨਾ ਕੀਤਾ
ਉਸਨੇ ਕਮੀਜ ਨੂੰ ਠੀਕਠਾਕ ਕੀਤਾ ਤੇ ਤੁਰ ਪਿਆ
ਆਪਣੇ ਨੱਕ ਦੀ ਸੇਧੇ
ਉਹ ਉਚਾ ਹੋ ਕੇ ਤੁਰਦਾ ਗਿਆ
ਕਿਤੇ ਵੀ ਨਾ ਪਹੁੰਚਿਆ,
ਤੇ ਮੁੜ ਪਿਆ, ਉਹ ਵੀ ਵਾਪਸ ਆ ਗਿਆ
ਤੀਜਾ, ਕਹਿੰਦੇ, ਬੁੱਧੂ ਸੀ
ਕੁਝ ਵੀ ਪਤਾ ਨਹੀਂ ਸੀ ਉਹਨੂੰ
ਅਤੇ ਬਿਨਾਂ ਕਿਸੇ ਭੈਅ ੳਹ ਖੱਬੇ ਨੂੰ ਤੁਰਦਾ ਗਿਆ।
ਜਿੰਨਾ ਤੁਰ ਸਕਦਾ ਸੀ ਤੁਰਿਆ ਗਿਆ
ਕੁਝ ਵੀ ਸਮਝ ਨਾ ਸਕਿਆ
ਕੁਝ ਵੀ ਸਮਝ ਨਾ ਸਕਿਆ
ਕੁਝ ਵੀ ਸਮਝ ਨਾ ਸਕਿਆ
ਸੋ ਉਹ ਸਾਰੀ ਉਮਰ ਜਿਵੇਂ ਤੁਰਨਾ ਸੀ ਤੁਰਦਾ ਗਿਆ
ਨਾ ਮਰਿਆ ਨਾ ਮਿਟਿਆ, ਚੰਗਾ ਭਲਾ ਜੀਂਦਾ ਰਿਹਾ।
|