ਕੁਝ ਲੋਕ ਅੱਲਾ ਨੂੰ ਪੂਜਦੇ ਹਨ, ਕੁਝ ਬੁੱਧ ਨੂੰ, ਕੁਝ ਜੀਜ਼ਜ਼ ਨੂੰ
ਕੁਝ ਹੋਰ ਅਜਿਹੇ ਹਨ ਜੋ ਅਜਿਹੇ ਦੈਵੀ ਟੋਲੇ ਨੂੰ ਟਿੱਚ ਨਹੀਂ ਸਮਝਦੇ...
ਹਿੰਦੂਆਂ ਨੇ ਇਕ ਚੁਸਤ ਜਿਹੇ ਧਰਮ ਨੂੰ ਜਨਮ ਦਿਤਾ
ਕਿ ਜਦੋਂ ਅਸੀਂ ਕੱਫਨ ਵਿਚ ਜਾ ਪੈਂਦੇ ਹਾਂ ਤਾਂ ਸਦਾ ਲਈ ਮਰ ਨਹੀਂ ਜਾਂਦੇ
ਜੇ ਤੁਹਾਡੀ ਆਤਮਾ ਕੁਲੀਨ ਮਹਾਨ ਤੇ ਵਡੀ ਸੀ
ਤੁਸੀਂ ਫੇਰ ਓਹੀ ਪ੍ਰਾਪਤ ਕਰੋਗੇ
ਪਰ ਜੇ ਤੁਸੀਂ ਇਕ ਸੂਰ ਦਾ ਜੀਵਨ ਜੀਵਿਆ ਸੀ
ਤਾਂ ਫੇਰ ਸੂਰ ਹੀ ਬਣੋਗੇ
ਜੇ ਤੁਸੀਂ ਲੋਕਾਂ ਨੂੰ ਨਾ-ਮਨਜ਼ੂਰ ਹੋ ਤਾਂ ਇਸ ਵਿਚ ਰੋਣ ਵਾਲੀ ਕੋਈ ਗੱਲ ਨਹੀਂ
ਜਦੋਂ ਤੁਸੀਂ ਨਵਾਂ ਜਨਮ ਲਿਆ ਤਾਂ ਤੁਹਾਡੀ ਜ਼ੁਬਾਨ ਸ਼ਿਕਾਰੀ ਦੇ ਚਾਕੂ ਵਾਂਗ ਤਿਖੀ ਹੋਵੇਗੀ
ਅਤੇ ਪਹਿਲੀ ਜ਼ਿੰਦਗੀ ਸਮੇਂ ਜੇ ਤੁਸੀਂ ਆਪਣੇ ਦੁਸ਼ਮਣ ਨੂੰ ਮਰਦਾ ਵੇਖ ਲਿਆ
ਤਾਂ ਆਉਣ ਵਾਲੀ ਜ਼ਿੰਦਗੀ ਵਿਚ ਤਿੱਖੀਆਂ ਅੱਖਾਂ ਦਾ ਇਕ ਜੋੜਾ ਤੁਹਾਨੂੰ ਨਸੀਬ ਹੋਵੇਗਾ
ਜ਼ਿੰਦਗੀ ਨੂੰ ਮਾਣੋ, ਗੁੱਸੇ ਗਿਲੇ ਛਡੋ
ਅਤੇ ਕਿਸਮਤ ਨੂੰ ਨਾ ਕੋਸੋ
ਕਿਉਂਕਿ ਤੁਸੀਂ ਅੱਗੇ
ਇਕ ਰੋਅਬਦਾਰ ਚੌਧਰੀ ਦਾ ਜਨਮ ਧਾਰ ਸਕਦੇ ਹੋ
ਜੇ ਤੁਸੀ ਇਕ ਚਪੜਾਸੀ ਹੋ – ਤੁਸੀਂ ਇਕ ਫੋਰਮੈਨ ਬਣ ਕੇ ਉਠੋਗੇ
ਤੇ ਫੇਰ ਸ਼ਾਇਦ ਇਕ ਦਿਨ ਤੁਸੀਂ ਵਜੀਰ ਬਣ ਜਾਓ;
ਜੇ ਤੁਸੀਂ ਇਕ ਖੁੰਢ ਵਾਂਗ ਬੁਧੂ ਹੋ (ਇਹ ਇਕ ਮਨਹੂਸ ਸ਼ਗਨ ਹੈ)
ਤਾਂ ਫਿਰ ਤੁਸੀਂ ਆਉਣ ਵਾਲੇ ਕਈ ਸਾਲ ਮੂਰਖ ਖੁੰਢ ਬਣੇ ਰਹੋਗੇ
ਥੁੱਕ ਸਕਦੇ ਹੋ ਤਾਂ ਜ਼ਹਿਰ ਥੁੱਕ ਦੇਵੋ
ਬਹੁਤੇ ਨਕਲਚੂ ਨਾ ਬਣੋ ਨਾ ਹੀ ਚਲਾਕ
ਅਸੀਂ ਆਮ ਲੋਕ ਬਣਕੇ ਹੀ
ਇਸ ਧਰਤੀ ਤੇ ਜੀਵਨ ਜਿਉਣਾ ਹੈ।
ਸੋ ਕੌਣ ਕੀ ਸੀ ਅਤੇ ਇਹ ਜੋ ਹੈ ਕੌਣ ਹੈ – ਅਸੀਂ ਕਦੇ ਵੀ ਨਹੀਂ ਜਾਣ ਸਕਾਂਗੇ;
ਜੀਵ ਵਿਗਿਆਨੀ ਇਹਨਾਂ ਕਰੋਮੋਜ਼ੋਮਾਂ ਅਤੇ ਜੀਨਾਂ ਨੂੰ ਸਮਝਦੇ ਪਾਗਲ ਹੋ ਗਏ
ਇਹ ਬਿਮਾਰ ਜਿਹਾ ਬਿੱਲਾ – ਦੇਖੋ ਇਸ ਵੱਲ – ਹੋ ਸਕਦੈ ਇਕ ਭੈੜਾ ਬਦਮਾਸ਼ ਹੋਵੇ
ਤੇ ਉਹ ਸਾਊ ਜਿਹਾ ਮਨੁੱਖ ਹੋ ਸਕਦੈ ਤਿੱਖੇ ਦੰਦਾ ਤੇ ਫਿੰਨਾਂ ਵਾਲੀ ਸ਼ਾਰਕ ਹੋਵੇ
ਮੈਂ ਆਪਣੀ ਖੁਸ਼ੀ ਖੁਲ੍ਹ ਕੇ ਪ੍ਰਗਟ ਕਰਦਾ ਹਾਂ
ਮੈ ਇਕ ਸੰਤ ਵਰਗਾ ਹਾਂ, ਸੱਚਮੁਚ...
ਚਤੁਰ ਹਿੰਦੂਆਂ ਨੇ ਨਿਸਚੇ ਹੀ
ਇਕ ਸੁਖ ਅਨੰਦ ਵਾਲੇ ਧਰਮ ਨੂੰ ਜਨਮ ਦਿਤਾ।
|