ਜਦੋਂ ਮੈਂ ਸੌਂਦਾ ਹਾਂ, ਇਕ ਪੀਲੀ ਰੋਸ਼ਨੀ ਮੈਨੂੰ ਅੰਨ੍ਹਾ ਕਰ ਦਿੰਦੀ ਹੈ ਤੇ ਮੈਂ ਕ੍ਰਾਹ ਉਠਦਾ ਹਾਂ “ਚਲੀ ਜਾਹ, ਦਰਦ ਭਰੀਏ ਰਾਤੇ ਆ ਜਾ, ਧੁੱਪ-ਭਰੀ ਪ੍ਰਭਾਤੇ” ਪਰ ਆਉਣ ਵਾਲੀ ਪ੍ਰਭਾਤ ਤਾਂ ਬਿਮਾਰ ਖਰਾਬ ਅਤੇ ਬੋਰਿੰਗ ਹੈ: ਮੈਂ ਖਾਲੀ ਪੇਟ ਸਿਗਰਟ ਸੁਲਘਾਉਂਦਾ ਹਾਂ ਬੱਸ, ਜਾਂ ਕੁਝ ਪੀ ਲੈਂਦਾ ਹਾਂ ਗਟਾਗਟ।         ਊਤ ਤੇ ਵਿਹਲੜ ਬਿਨਾਂ ਕਾਰਨ ਸਸਤੇ ਸਲੂਨਾਂ ਵਿਚ ਫੀਸਟਾਂ ਕਰਦੇ ਫਿਰਦੇ ਹਨ – ਲਫੰਗਿਆਂ ਵਾਸਤੇ ਇਹ ਸਲੂਨ ਸਵਰਗ ਹਨ ਪਰ ਮੇਰੇ ਲਈ – ਇਕ ਕੈਦ। ਗਿਰਜੇ ਵਿਚ ਮੈਂ ਮਿੱਠੇ ਗੀਤ ਸੁਣਦਾ ਹਾਂ. ਓਥੇ ਤਾਂ ਸੋਨਾ ਵੀ ਬੇਢਬਾ ਲਗਦਾ ਹੈ। ਖੈਰ, ਗਿਰਜਾ ਵੀ ਠੀਕ ਨਹੀਂ, ਉਸਤਰ੍ਹਾਂ ਨਹੀਂ ਜਿਵੇਂ ਹੁੰਦਾ ਹੈ, ਹੋਣਾ ਚਾਹੀਦਾ ਹੈ। ਥੱਕਿਆ ਤੇ ਅੱਕਿਆ ਲੇਟਿਆ ਪਿਆ ਮੈਂ ਉਪਰ ਵੱਲ ਇਕ ਬਰਚ ਦਾ ਬਿਰਖ ਦੇਖਦਾ ਹਾਂ ਅਤੇ ਥੱਲੇ – ਚੈਰੀ ਦਾ। ਕਾਸ਼ ਪਹਾੜੀ ਦਵਾਲੇ ਇਸ਼ਕ-ਪੇਚੇ ਦੀ ਵੇਲ ਹੁੰਦੀ ਫੇਰ ਮੈਂ ਲੂਸਣ ਵਿਚ ਹੋਣਾ ਸੀ; ਜੀ ਕਰਦੈ ਮੈਨੂੰ ਕਿਸੇ ਹੋਰ ਤਰ੍ਹਾਂ ਦੀ ਖੁਸ਼ੀ ਮਿਲ ਜਾਵੇ, ਪਰ ਇਹ ਵਾਲੀ ਤਾਂ ਹਰ ਤਰ੍ਹਾਂ ਨਾਲ ਗਲਤ ਮਲਤ ਹੈ।         ਮੈਂ ਡੇਜ਼ੀ-ਫੁੱਲਾਂ ਦੇ ਖੇਤ ਚੋਂ ਅੱਗੇ ਹੀ ਅੱਗੇ ਨਸਦਾ ਜਾ ਰਿਹਾ ਹਾਂ ਜਦੋਂ ਰੱਬ ਚਲਾ ਜਾਂਦਾ ਹੈ ਇਕ ਰੋਸ਼ਨੀ ਹੋ ਜਾਂਦੀ ਹੈ ਅਤੇ ਇਕ ਵਲਵਿੰਗ ਖਾਂਦੀ ਸੜਕ ਦਿਸਦੀ ਹੈ, ਇਸ ਜੰਗਲ ਵਿਚੋਂ ਜਾਂਦੀ ਜਿਥੇ ਭੂਤਾਂ ਛੱਪਣਛੋਤ ਹੁੰਦੀਆਂ ਫਿਰਦੀਆਂ ਹਨ ਸੜਕ ਦੇ ਅੰਤ ਤੇ ਕੁਝ ਵੀ ਚੰਗਾ ਨਹੀਂ ਸਿਵਾਏ ਇਕ ਜੱਲਾਦ ਦੇ ਜੋ ਖਚਰਾ ਹਾਸਾ ਹੱਸ ਰਿਹਾ ਹੈ ਕਿਤੇ ਜੰਗੀ ਘੋੜੇ, ਬਿਨਾਂ ਇੱਛਾ ਸਹਿਜ ਤਾਲ ਵਿਚ ਨੱਚ ਰਹੇ ਹਨ ਸੜਕ ਦੇ ਨਾਲ ਨਾਲ ਸਭ ਕੁਝ ਖਰਾਬ ਹੈ ਤੇ ਅੰਤ ਭਿਅੰਕਰ।                
© Ajmer Rode. ਅਨੁਵਾਦ, 2015